“(Graphite sketch captures the internal conflict between carrying heavy responsibilities and the longing for rest. The woman, burdened with a load on her back, represents the weight of life’s demands—yet her inner self, depicted as a white figure running alongside her, reveals a deep, unspoken desire for peace and respite. The painting conveys the struggle between pushing forward, fulfilling obligations, and the yearning to stop and find stillness. It symbolizes the relentless pace of life that demands movement while the soul longs for a moment of pause. This work highlights the tension between outward perseverance and inner fatigue, capturing the exhaustion of constantly running without the freedom to rest.)”
ਜ਼ਿੰਦਗੀ ਇੱਕ ਦੌੜ ਦੀ ਤਰਾਂ ਜੀਅ ਰਹੇ ਆ ਅਸੀਂ, ਕਿੰਨੇ ਈ ਸੁਪਨੇ ,ਉਮੀਦਾਂ ,ਚਾਅ ਅਗਾਂਹ ਦੀ ਦੌੜ ਵਿੱਚ ਭਜਾਈ ਹੀ ਜਾ ਰਹੇ ਨੇ। ਨਿਰੰਤਰ ਚੱਲ ਰਹੀ ਇਸ ਦੌੜ ਵਿਚ ਅਸੀਂ ਐਨੇ ਡੁੱਬ ਰਹੇ ਹਾਂ ਕਿ ਕੁਦਰਤੀ ਰੰਗਾਂ ਨਾਲ ਲਿਬਰੇਜ਼ ਵਗ ਰਹੀ ਜਿੰਦਗੀ ਦੀ ਨਦੀ ਵਿਚੋਂ ਅਸੀਂ ਸ਼ੁਕਰਾਨੇ, ਪਿਆਰ ਤੇ ਸਕੂਨ ਦਾ ਘੁੱਟ ਭਰਨਾ ਭੁੱਲ ਹੀ ਜਾਂਦੇ ਹਾਂ।ਸਾਡੇ ਆਸ ਪਾਸ ਕੀ ਮਹਿਕ ਰਿਆ ਕੀ ਚਹਿਕ ਰਿਆ ਸਾਡਾ ਧਿਆਨ ਤਕ ਨਹੀਂ ਜਾਂਦਾ।
ਮੈਂ ਵੀ ਇਸੇ ਦੌੜ ਦਾ ਹਿੱਸਾ ਬਣੀ ਦੌੜ੍ਹੀ ਹੀ ਜਾ ਰਹੀ ਹਾਂ। ਜਿੰਮੇਵਾਰੀਆਂ, ਸੁਪਨੇ, ਉਮੀਦਾਂ ,ਬੋਝ,ਦੁੱਖ ਸੁੱਖ ਤੇ ਲਾਲਸਾਵਾਂ ਦੀ ਪੰਡ ਦਿਨੋਂ ਦਿਨ ਵੱਧ ਦੀ ਈ ਜਾ ਰਹੀ ਹੈ।
ਕਦੀ ਕਦੀ ਇਹ ਭਾਰ ਐਨਾ ਵੱਧ ਜਾਂਦਾ ਹੈ ਕਿ ਇਸਦੇ ਬੋਝ ਨੂੰ ਸਹਿਣਾ ਬਹੁਤ ਔਖਾ ਹੋ ਜਾਂਦਾ ਹੈ। ਆਪਣਾ ਆਪ ਇਸ ਭਾਰ ਨੂੰ ਚੁੱਕਣ ਤੋਂ ਅਸਮਰਥ ਹੋ ਜਾਂਦਾ ਹੈ, ਦਿਲ ਕਰਦਾ ਹੁੰਦਾ ਇਹ ਭਾਰ ਦੀ ਪੰਡ ਵਗਾਹ ਮਾਰਾ ਤੇ ਭੱਜ ਦੌੜ ਤੋਂ ਕਿਨਾਰਾ ਕਰ ਸਕੂਨ ਨਾਲ ਬੈਠ ਹਵਾਵਾਂ ਸੰਗ ਮਹਿਕਾਂ ।
ਪਰ ਇਹ ਰੋਟੀ ਪਾਣੀ ਤੋਂ ਵੀ ਅਗਾਂਹ ਦੇ ਲਈ ਚਲ ਰਹੀ ਦੌੜ ਸਾਡਾ ਹਿੱਸਾ ਬਣ ਗਈ ਹੈ । ਇਸਤੋਂ ਕਿਨਾਰਾ ਕਰਨਾ ਸ਼ਾਇਦ ਨਾਮੁਮਕਿਨ ਹੋ ਗਿਆ ਹੈ।
ਸਭ ਇਸੇ ਦੌੜ ‘ਚ ਉਮਰਾਂ ਦੇ ਪੜਾਅ ਇੰਨੀ ਜਲਦੀ-ਜਲਦੀ ਤੈਅ ਕਰ ਰਹੇ ਨੇ ਕਿ ਨਿੱਕੇ-ਨਿੱਕੇ ਚਾਅ , ਨਿੱਕੀਆਂ-ਨਿੱਕੀਆਂ ਖੁਸ਼ੀਆਂ ਕਿਸੇ ਕੋਨੇ ਵਿੱਚ ਲੱਗੀਆਂ ਉਡੀਕ ਰਹੀਆਂ ਨੇ ਤੇ ਅਸੀਂ ਕਿਤੇ ਪਹੁੰਚ ਕੇ ਉਹ ਖੁਸ਼ੀਆਂ ਦੀ ਤਲਾਸ਼ ਵਿੱਚ ਹਾਂ !!
ਹਾਂ ਇਕ ਗੱਲ ਹੋਰ ਸਾਨੂੰ ਲਗਦਾ ਹੈ ਕਿ ਇਸ ਦੌੜ ਵਿੱਚ ਸਾਡਾ ਹੱਥ ਫੜੀ ਕੋਈ ਨਾਲ ਨਾਲ ਦੌੜ ਰਿਹਾ ਹੁੰਦਾ ਹੈ ,ਪਰ ਏਦਾਂ ਕੁਝ ਨਹੀਂ ਹੁੰਦਾ ਹਰ ਕੋਈ ਆਪਣੀ ਰਫਤਾਰ ਵਿਚ ਚਲ ਰਿਹਾ ਹੈ ਕੁਝ ਕਦਮ ਤੁਹਾਡੇ ਕਦਮਾਂ ਨਾਲ ਸਾਂਝੇ ਹੋ ਜਾਂਦੇ ਨੇ ਬਸ । ਹਕੀਕਤ ਵਿਚ ਤੁਹਾਡੇ ਤੋਂ ਇਲਾਵਾ ਤੁਹਾਡੇ ਨਾਲ ਕੋਈ ਵੀ ਨਹੀਂ ਹੁੰਦਾ ,…ਤੁਸੀ ਹੁੰਦੇ ਹੋ ਤੇ ਤੁਹਾਡਾ ਆਪਣਾ ਆਪ ਤੁਹਾਡੇ ਨਾਲ ਗੱਲਾਂ ਕਰਦਾ ਚੱਲ ਰਿਆ ਹੁੰਦਾ ਹੈ।..
